ਸ਼ਹੀਦੀ ਸ੍ਰੀ ਗੁਰੂ ਅਰਜਨ ਦੇਵ ਜੀ

📜 *ਅੱਜ ਦੇ ਦਿਨ ਦਾ ਇਤਿਹਾਸ* 📜

*ਸ਼ਹੀਦੀ-ਪੁਰਬ :* ਸ੍ਰੀ ਗੁਰੂ ਅਰਜਨ ਦੇਵ ਜੀ           
*ਮਾਤਾ ਜੀ :* ਮਾਤਾ ਭਾਨੀ ਜੀ
*ਪਿਤਾ ਜੀ :* ਸ੍ਰੀ ਗੁਰੂ ਰਾਮਦਾਸ ਜੀ
*ਪ੍ਰਕਾਸ਼ :* 19 ਵੈਸਾਖ, 1620 ਬਿ. (15 ਅਪ੍ਰੈਲ, 1563 ਈ.)
*ਮਹਿਲ :* ਮਾਤਾ ਗੰਗਾ ਜੀ
*ਸ਼ਹਾਦਤ ਦੀ ਮਿਤੀ :* 1 ਹੜ੍ਹ, 1663 ਬਿ. (30 ਮਈ, 1606 ਈ.)
*ਸ਼ਹਾਦਤ ਦਾ ਸਥਾਨ :* ਲਾਹੌਰ (ਪਾਕਿਸਤਾਨ), ਜਿੱਥੇ ਅੱਜ ਗੁਰਦੁਆਰਾ ਡੇਰਾ ਸਾਹਿਬ ਸੁਸ਼ੋਭਿਤ ਹੈ।

*ਮੁੱਢਲਾ ਜੀਵਨ*: ਆਪ ਜੀ ਦਾ ਜਨਮ ਸ੍ਰੀ ਗੁਰੂ ਰਾਮਦਾਸ ਜੀ ਦੇ ਗ੍ਰਹਿ ਵਿਖੇ ਮਾਤਾ ਭਾਨੀ ਜੀ ਦੀ ਕੁੱਖੋਂ 15 ਅਪ੍ਰੈਲ, 1563 ਈ. ਨੂੰ ਗੋਇੰਦਵਾਲ ਸਾਹਿਬ ਵਿਖੇ ਹੋਇਆ। ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪਾਲਣ- ਪੋਸ਼ਣ ਪਿਤਾ ਸ੍ਰੀ ਗੁਰੂ ਰਾਮਦਾਸ ਜੀ ਅਤੇ ਨਾਨਾ ਸ੍ਰੀ ਗੁਰੂ ਅਮਰਦਾਸ ਜੀ ਦੀ ਦੇਖ-ਰੇਖ ਵਿਚ ਹੋਇਆ। ਜਿਸ ਸਦਕਾ ਸੇਵਾ, ਸਿਮਰਨ, ਸਿਆਣਪ, ਸਤਿਕਾਰ, ਨੇਮ, ਪ੍ਰੇਮ, ਉਪਕਾਰਤਾ, ਨਿਮਰਤਾ, ਸ਼ਾਂਤ ਸੁਭਾਉ ਵਰਗੇ ਸ਼ੁਭ ਗੁਣ ਵਿਰਸੇ ਵਿਚ ਹੀ ਪ੍ਰਾਪਤ ਹੋਏ। *ਗੁਰਬਾਣੀ ਦੀ ਡੂੰਘਾਈ ਅਤੇ ਕਾਵਿ ਸ਼ੈਲੀ ਤੋਂ ਪ੍ਰਭਾਵਿਤ ਹੋ ਕੇ ਜਿੱਥੇ ਸ੍ਰੀ ਗੁਰੂ ਅਮਰਦਾਸ ਜੀ ਪਾਤਿਸ਼ਾਹ ਨੇ ਕਿਹਾ "ਦੋਹਿਤਾ ਬਾਣੀ ਕਾ ਬੋਹਿਥਾ",* ਉੱਥੇ ਭੱਟਾਂ ਨੇ ਬਾਣੀ ਵਿਚ ਉਪਮਾ ਲਿਖਦੇ ਕਿਹਾ ਹੈ, "ਤੈ ਜਨਮਤ ਗੁਰਮਤਿ ਬ੍ਰਹਮੁ ਪਛਾਣਿਓ।" ਭਾਵ ਕਿ ਹੇ ਗੁਰੂ ਅਰਜਨ ਜੀ, ਤੁਸੀਂ ਬਚਪਨ ਤੋਂ ਹੀ ਬ੍ਰਹਮ ਸਰੂਪ ਪਰਮਾਤਮਾ ਦੀ ਪਛਾਣ ਕਰ ਲਈ ਹੈ।

 *ਗੁਰਗੱਦੀ* : 18 ਸਾਲ ਦੀ ਉਮਰ ਵਿਚ ਆਪ ਜੀ ਦੇ ਪਿਤਾ ਜੀ ਨੇ ਆਪ ਨੂੰ ਗੁਰਿਆਈ ਦੇ ਯੋਗ ਜਾਣ ਕੇ ਗੁਰਿਆਈ ਬਖਸ਼ ਦਿੱਤੀ ਅਤੇ ਨਾਲ ਹੀ ਪਹਿਲੇ ਗੁਰੂ ਸਾਹਿਬਾਨਾਂ ਦੁਆਰਾ ਰਚੀ ਗਈ ਬਾਣੀ ਅਤੇ ਉਨ੍ਹਾਂ ਦੁਆਰਾ ਇਕੱਤਰ ਕੀਤੀ ਗਈ ਭਗਤ ਬਾਣੀ ਦਾ ਖਜ਼ਾਨਾ ਵੀ ਸੌਂਪ ਦਿੱਤਾ। ਇਸ ਕਾਰਨ ਆਪ ਜੀ ਦੇ ਵੱਡੇ ਭਰਾ ਬਾਬਾ ਪ੍ਰਿਥੀ ਚੰਦ ਜੀ ਆਪ ਜੀ ਨਾਲ ਨਾਰਾਜ਼ ਹੋ ਗਏ।

*ਸੇਵਾ ਕਾਰਜ*: ਆਪ ਜੀ ਨੇ ਆਪਣੇ ਜੀਵਨ ਕਾਲ ਵਿਚ ਮਹਾਨ ਕਾਰਜ ਕੀਤੇ, ਜਿਵੇਂ ਕਿ ਸ੍ਰੀ ਗੁਰੂ ਰਾਮਦਾਸ ਜੀ ਦੁਆਰਾ ਬਣਵਾਏ ਅੰਮ੍ਰਿਤ ਸਰੋਵਰ ਦੀ ਸੇਵਾ ਪੂਰੀ ਕਰਕੇ ਉਸ ਵਿਚਕਾਰ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਨਿਰਮਾਣ ਕਰਵਾਇਆ। ਗੁਰੂ ਜੀ ਨੇ ਜਿੱਥੇ ਲਾਹੌਰ ਵਿਚ ਪਏ ਕਾਲ ਸਮੇਂ ਲੋੜਵੰਦਾਂ ਦੀ ਬਿਨਾਂ ਵਿਤਕਰੇ ਸੇਵਾ ਕੀਤੀ, ਉੱਥੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਸਮੇਂ ਸਭ ਧਰਮਾਂ/ਵਰਣਾਂ ਦੇ ਮਹਾਂਪੁਰਖਾਂ ਦੀ ਬਾਣੀ ਨੂੰ ਗੁਰੂ ਸਾਹਿਬਾਨ ਦੀ ਬਾਣੀ ਦੇ ਬਰਾਬਰ ਸ਼ਾਮਿਲ ਕਰਕੇ ਊਚ- ਨੀਚ ਅਤੇ ਅਮੀਰ-ਗਰੀਬ ਆਦਿਕ ਦੇ ਭੇਦ-ਭਾਵ ਨੂੰ ਸਦਾ ਲਈ ਮਿਟਾ ਦਿੱਤਾ। ਪਾਣੀ ਦੀ ਘਾਟ ਨੂੰ ਦੂਰ ਕਰਨ ਲਈ ਆਪ ਜੀ ਨੇ ਵੱਖ-ਵੱਖ ਥਾਂਵਾਂ ਤੇ ਦੋ-ਹਰਟੇ ਅਤੇ ਚਾਰ-ਹਰਟੇ ਖੂਹ ਲਗਵਾਏ। ਗੁਰੂ ਕੀ ਵਡਾਲੀ ਦੇ ਪੱਛਮ ਵੱਲ ਛੇ-ਹਰਟਾ ਖੂਹ (ਜਿੱਥੇ ਗੁਰਦੁਆਰਾ ਛੇਹਰਟਾ ਸਾਹਿਬ ਹੈ) ਲਗਵਾਇਆ। ਇਸ ਤੋਂ ਇਲਾਵਾ ਤਰਨਤਾਰਨ ਅਤੇ ਕਰਤਾਰਪੁਰ ਨਗਰ ਵਸਾਏ ਅਤੇ ਸ੍ਰੀ ਹਰਿਗੋਬਿੰਦਪੁਰ ਦੀ ਨੀਂਹ ਰੱਖੀ।

*ਸ਼ਹਾਦਤ ਦੇ ਕਾਰਨ* :

1) *ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ, ਸਿੱਖੀ ਦਾ ਵਧਦਾ ਪ੍ਰਸਾਰ* ਅਤੇ ਗੁਰੂ ਸਾਹਿਬਾਨ ਜੀ ਵੱਲੋਂ ਨਿਰਭਉ ਹੋ ਕੇ ਅਜ਼ਾਦੀ ਨਾਲ ਜ਼ਿੰਦਗੀ ਜਿਉਣ ਦੀ ਕੀਤੀ ਜਾ ਰਹੀ ਪ੍ਰੇਰਨਾ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਪਹਿਲਾ ਮੁੱਖ ਕਾਰਨ ਸੀ। 
2) *ਪ੍ਰਿਥੀ ਚੰਦ ਦੀ ਈਰਖਾ* : ਗੁਰੂ ਜੀ ਦਾ ਵੱਡਾ ਭਰਾ ਪ੍ਰਿਥੀ ਚੰਦ ਗੁਰਗੱਦੀ ਨਾ ਮਿਲਣ ਕਾਰਨ ਗੁਰੂ ਜੀ ਨਾਲ ਈਰਖਾ ਰੱਖਦਾ ਸੀ ਅਤੇ ਉਸ ਨੇ ਮੁਗਲ਼ ਸਲਤਨਤ ਨੂੰ ਗੁਰੂ ਜੀ ਖਿਲਾਫ਼ ਭੜਕਾਉਣਾ ਸ਼ੁਰੂ ਕਰ ਦਿੱਤਾ।
3) *ਚੰਦੂ ਦੀ ਦੁਸ਼ਮਣੀ* : ਗੁਰੂ ਸਾਹਿਬ ਵਲੋਂ ਸੰਗਤ ਦੇ ਕਹਿਣ ਤੇ ਚੰਦੂ ਦੀ ਧੀ ਦਾ ਰਿਸ਼ਤਾ ਸ੍ਰੀ ਹਰਿਗੋਬਿੰਦ ਸਾਹਿਬ ਨਾਲ ਨਾ ਕਰਨ ਤੇ ਉਹ ਵੀ ਗੁਰੂ ਜੀ ਦਾ ਦੁਸ਼ਮਣ ਬਣ ਗਿਆ ਅਤੇ ਉਸਨੇ ਗੁਰੂ ਜੀ ਖਿਲਾਫ਼ ਮੁਗਲ਼ ਬਾਦਸ਼ਾਹ ਜਹਾਂਗੀਰ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ।
4) *ਸ਼ੇਖ ਅਹਿਮਦ ਸਰਹਿੰਦੀ* ਰਾਜਸੀ ਸ਼ਕਤੀ ਨੂੰ ਇਸਲਾਮਿਕ ਵਾਧੇ ਲਈ ਵਰਤਣ ਦਾ ਮੁਦਈ ਸੀ। ਉਹ ਮੁਰਤਜ਼ਾ ਖਾਨ ਰਾਹੀਂ ਜਹਾਂਗੀਰ ਨੂੰ ਗੁਰੂ ਜੀ ਖਿਲਾਫ਼ ਭੜਕਾਉਂਦਾ ਰਹਿੰਦਾ ਸੀ। ਉਹ ਗੁਰੂ ਸਾਹਿਬ ਦੀ ਸ਼ਹਾਦਤ ਲਈ ਮੁਗਲ਼ ਹਕੂਮਤ ਨੂੰ ਉਕਸਾਉਣ ਦਾ ਕਾਰਨ ਬਣਿਆ।
5) *ਭਗਤ ਕਾਹਨਾ ਵਰਗੇ ਹੰਕਾਰੀ ਅਤੇ ਅਖੌਤੀ ਧਾਰਮਿਕ ਪੁਰਸ਼* ਆਪਣੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕਰਵਾਉਣਾ ਚਾਹੁੰਦੇ ਸਨ, ਜਿਸ ਲਈ ਉਨ੍ਹਾਂ ਸਰਕਾਰੀ ਦਬਾਅ ਵੀ ਪਾਇਆ। ਪਰ ਗੁਰੂ ਜੀ ਨੇ ਉਨ੍ਹਾਂ ਦੀ ਬਾਣੀ, ਬ੍ਰਹਿਮੰਡੀ ਵਿਚਾਰਧਾਰਾ ਦੇ ਅਨੁਕੂਲ ਨਾ ਹੋਣ ਕਾਰਨ, ਕਿਸੇ ਵੀ ਦਬਾਅ ਦੀ ਪ੍ਰਵਾਹ ਨਾ ਕਰਦੇ ਹੋਏ ਸਿਰਫ਼ ਅਕਾਲੀ ਬਾਣੀ ਨੂੰ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਸ਼ਾਮਿਲ ਕੀਤਾ। ਇਸ ਕਾਰਨ ਉਹ ਸਾਰੇ ਗੁਰੂ ਜੀ ਦੇ ਖਿਲਾਫ਼ ਹੋ ਗਏ।
6) *ਨਕਸ਼ਬੰਦੀਆਂ ਦੀ ਕੱਟੜਤਾ* : ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਅਕਬਰ ਬਾਦਸ਼ਾਹ ਦਾ ਰਾਜ ਸੀ। ਉਹ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਸੀ ਪਰ ਕੱਟੜ ਮੁਸਲਮਾਨਾਂ ਨੂੰ ਇਹ ਗੱਲ ਪਸੰਦ ਨਹੀਂ ਸੀ। ਅਕਬਰ ਦੀ ਮੌਤ ਤੋਂ ਬਾਅਦ ਜਹਾਂਗੀਰ ਕੱਟੜ ਮੁਸਲਮਾਨਾਂ, ਸ਼ੇਖ ਫਰੀਦ ਬੁਖਾਰੀ ਤੇ ਸ਼ੇਖ ਅਹਿਮਦ ਸਰਹਿੰਦੀ ਆਦਿ ਦੀ ਮਦਦ ਨਾਲ ਤਖ਼ਤ ਹਾਸਲ ਕਰਨ ਵਿਚ ਕਾਮਯਾਬ ਹੋ ਗਿਆ। ਉਨ੍ਹਾਂ ਨੇ ਜਹਾਂਗੀਰ ਨੂੰ ਸਿੱਖ ਲਹਿਰ ਨੂੰ ਕੁਚਲਣ ਦਾ ਸੁਝਾਅ ਦਿੱਤਾ।

ਇਸ ਦੇ ਨਾਲ ਹੀ ਉਪਰੋਕਤ ਸਾਰੀਆਂ ਵਿਰੋਧੀ ਤਾਕਤਾਂ ਵੀ ਮੁਗਲ਼ ਹਕੂਮਤ ਦੇ ਕੰਨ ਭਰਦੀਆਂ ਰਹੀਆਂ। ਸਿੱਟੇ ਵਜੋਂ ਗੁਰੂ ਜੀ ਉੱਤੇ ਖੁਸਰੋ (ਜਹਾਂਗੀਰ ਦਾ ਪੁੱਤਰ) ਦੀ ਬਗ਼ਾਵਤ ਵਿਚ ਸਹਾਇਤਾ ਕਰਨ ਦਾ ਝੂਠਾ ਦੋਸ਼ ਲਾ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਕੇ ਲਾਹੌਰ ਲਿਆਂਦਾ ਗਿਆ।                   

*ਸ਼ਹੀਦੀ* : 27 ਮਈ, 1606 ਈ. ਨੂੰ ਜੇਠ ਦੇ ਅੱਤ ਗਰਮੀ ਦੇ ਦਿਨਾਂ ਵਿਚ ਗੁਰੂ ਜੀ ਨੂੰ ਤਸੀਹੇ ਦੇ ਕੇ ਸ਼ਹੀਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ। ਸਤਿਗੁਰੂ ਜੀ ਨੂੰ ਉਬਲਦੇ ਪਾਣੀ ਵਿਚ ਅਤੇ ਫਿਰ ਤੱਤੀ ਤਵੀ ਉੱਪਰ ਬੈਠਾ ਕੇ, ਸਿਰ ਵਿਚ ਗਰਮ ਰੇਤ ਪਾ ਕੇ ਤਸੀਹੇ ਦਿੱਤੇ ਜਾਂਦੇ ਰਹੇ, ਬਾਰ-ਬਾਰ ਗੁਰੂ ਜੀ ਨੂੰ ਧਰਮ ਪਰਿਵਰਤਨ ਕਰਨ ਲਈ ਕਿਹਾ ਗਿਆ, ਪਰ ਗੁਰੂ ਜੀ ਜ਼ੁਲਮ ਅੱਗੇ ਨਾ ਝੁਕੇ ਅਤੇ ਮਨੁੱਖੀ ਕਦਰਾਂ-ਕੀਮਤਾਂ ਦੀ ਅਜ਼ਾਦੀ ਅਤੇ ਧਰਮ ਦੀ ਰੱਖਿਆ ਲਈ ਕਸ਼ਟ ਸਹਾਰਦੇ ਰਹੇ।
ਇਹ ਦੁੱਖ ਦੇਖ ਕੇ ਸਾਈਂ ਮੀਆਂ ਮੀਰ ਜੀ ਕੋਲੋਂ ਰਿਹਾ ਨਾ ਗਿਆ। ਉਨ੍ਹਾਂ ਨੇ ਗੁੱਸੇ ਵਿਚ ਆ ਕੇ ਗੁਰੂ ਜੀ ਕੋਲੋਂ ਲਾਹੌਰ ਅਤੇ ਦਿੱਲੀ ਦਰਬਾਰ ਦੀ ਇੱਟ ਨਾਲ ਇੱਟ ਖੜਕਾਉਣ ਦੀ ਆਗਿਆ ਮੰਗੀ ਤਾਂ ਗੁਰੂ ਜੀ ਨੇ ਉਨ੍ਹਾਂ ਨੂੰ ਸ਼ਾਂਤ ਰਹਿਣ ਦਾ ਉਪਦੇਸ਼ ਦੇ ਕੇ
*ਤੇਰਾ ਕੀਆ ਮੀਠਾ ਲਾਗੈ, ਹਰਿ ਨਾਮੁ ਪਦਾਰਥੁ ਨਾਨਕ ਮਾਗੈ॥* ਦੇ ਉਪਦੇਸ਼ ਨੂੰ ਜ਼ਿੰਦਗੀ ਵਿਚ ਜਿਉਣ ਦੀ ਅਨੋਖੀ ਮਿਸਾਲ ਕਾਇਮ ਕਰ ਕੇ ਇਤਿਹਾਸ ਵਿਚ ਨਵਾਂ ਰੰਗ ਭਰ ਦਿੱਤਾ।
ਸਰਬ ਕਲਾ ਸਮਰੱਥ ਹੋਣ ਦੇ ਬਾਵਜੂਦ ਵੀ ਤੱਤੀ ਤਵੀ ਤੇ ਬੈਠ ਕੇ ਤਸੀਹੇ ਝੱਲ ਕੇ ਖ਼ੁਸ਼ੀ ਨਾਲ ਸ਼ਹੀਦੀ ਦਾ ਜਾਮ ਪੀਣ ਵਾਲੇ ਵਿਸ਼ਵ ਦੇ ਇਤਿਹਾਸ ਵਿਚ ਆਪ ਜੀ ਪਹਿਲੇ ਮਹਾਂਪੁਰਖ ਹੋਏ ਹਨ। ਇਸੇ ਕਰਕੇ ਆਪ ਜੀ ਨੂੰ *ਸ਼ਹੀਦਾਂ ਦੇ ਸਿਰਤਾਜ* ਕਿਹਾ ਜਾਂਦਾ ਹੈ।
ਇਸ ਤਰਾਂ ਸਿੱਖ ਧਰਮ ਦਾ ਮਹਾਨ ਸੂਰਜ ਜੱਗ ਨੂੰ ਸ਼ਾਂਤੀ ,ਸਦਭਾਵਨਾ, ਨਿਰਮਲਤਾ, ਪ੍ਰੇਮ, ਪਰਉਪਕਾਰਤਾ ਅਤੇ ਸ਼ਹਾਦਤ ਦੇ ਸ਼ੁੱਭ ਗੁਣ ਸਿਖਾਉਂਦਾ ਸਰੀਰ ਕਰਕੇ ਭਾਵੇਂ ਅਸਤ ਹੋ ਗਿਆ, ਪਰ ਜੋਤ ਕਰਕੇ ਸਦਾ ਲਈ ਅਮਰ ਹੋ ਗਿਆ।               

*ਸਿੱਖਿਆ* : ਸ੍ਰੀ ਗੁਰੂ ਅਰਜਨ ਦੇਵ ਜੀ ਦੇ ਜੀਵਨ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਕਦੇ ਵੀ ਜ਼ੁਲਮ ਅੱਗੇ ਨਾ ਝੁਕ ਕੇ ਸੱਚ ਨੂੰ ਸੱਚ ਕਹਿਣ ਦੀ ਹਿੰਮਤ ਰੱਖਣੀ ਚਾਹੀਦੀ ਹੈ ਅਤੇ ਪਰਮਾਤਮਾ ਦੀ ਰਜ਼ਾ ਵਿਚ ਰਹਿੰਦੇ ਹੋਏ ਹਰ ਦੁੱਖ-ਸੁੱਖ ਨੂੰ ਖਿੜੇ ਮੱਥੇ ਪ੍ਰਵਾਨ ਕਰਨਾ ਚਾਹੀਦਾ ਹੈ। ਆਪ ਜੀ ਦੁਆਰਾ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਕੇ ਸਿੱਖਾਂ ਨੂੰ ਸ਼ਬਦ ਗੁਰੂ ਦੇ ਲੜ ਲਾਉਣਾ ਵਿਸ਼ਵ ਦੇ ਇਤਿਹਾਸ ਵਿਚ ਇੱਕ ਨਿਵੇਕਲਾ ਅਤੇ ਕ੍ਰਾਂਤੀਕਾਰੀ ਕਦਮ ਸੀ। ਸਾਨੂੰ ਚਾਹੀਦਾ ਹੈ ਕਿ ਅਸੀਂ ਇਸ ਬਾਣੀ ਨੂੰ ਆਪਣੇ ਮਨਾਂ ਅੰਦਰ ਵਸਾ ਕੇ ਉਸ ਅਕਾਲ ਪੁਰਖ ਦੀ ਹੋਂਦ ਨੂੰ ਚਾਰੇ ਪਾਸੇ ਮਹਿਸੂਸ ਕਰਦੇ ਹੋਏ ਪੂਰੀ ਦੁਨੀਆਂ ਅੰਦਰ ਸ਼ਾਂਤੀ ਅਤੇ ਪਿਆਰ ਦਾ ਸੰਦੇਸ਼ ਪਹੁੰਚਾਈਏ।

*⛳ਜੀਵੀਏ ਗੁਰਬਾਣੀ ਨਾਲ ਲਹਿਰ⛳*
*_ਆਤਮ ਪਰਗਾਸ ਸੋਸ਼ਲ ਵੈਲਫ਼ੇਅਰ ਕੌਂਸਲ_*
📱 *+91-82880-10531/32*
📧 *atampargas@gmail.com*
🖥 *www.atampargas.org*
🏡 *99, ਪ੍ਰੀਤ ਵਿਹਾਰ, ਦਾਦ, ਪੱਖੋਵਾਲ ਰੋਡ, ਲੁਧਿਆਣਾ-142022*

Comments