ਇਕ ਸੱਚ

ਇਹ ਖੌਫਨਾਕ ਤਸਵੀਰ ਅਫਰੀਕਾ ਦੀ ਨਹੀਂ ਸਗੋਂ ਭਾਰਤ ਦੀ ਹੀ ਹੈ। ਇਹ ਇਤਿਹਾਸ ਦਾ ਉਹ ਪੰਨਾ ਹੈ ਜਿਸਤੋਂ ਬਹੁਤ ਸਾਰੇ ਭਾਰਤੀ ਅਣਜਾਣ ਹਨ। ਇਹ 1943 'ਚ ਬੰਗਾਲ 'ਚ ਆਏ ਭਿਆਨਕ ਅਕਾਲ ਦੀ ਹੈ ਜਿਸ ਵਿੱਚ 50 ਲੱਖ ਦੇ ਕਰੀਬ ਲੋਕ ਮਾਰੇ ਗਏ। ਇੱਕ ਵਰ੍ਹੇ ਤੱਕ ਜਾਰੀ ਇਹ ਭਿਆਨਕ ਅਕਾਲ ਕੁਦਰਤੀ ਕਰੋਪੀ ਨਹੀਂ ਸੀ ਸਗੋਂ ਇਸ ਲਈ ਉਸ ਵੇਲੇ ਦੇ ਬਰਤਾਨਵੀ ਪ੍ਰਧਾਨ ਮੰਤਰੀ ਚਰਚਿਲ ਦੀਆਂ ਸਾਮਰਾਜਵਾਦੀ ਨੀਤੀਆਂ ਜ਼ਿੰਮੇਵਾਰ ਸਨ।

ਦੂਜੀ ਸੰਸਾਰ ਜੰਗ ਦੀਆਂ ਘਟਨਾਵਾਂ ਦੌਰਾਨ 1942 ਵਿੱਚ ਜਪਾਨੀਆਂ ਨੇ ਸਿੰਘਾਪੁਰ ਅਤੇ ਫਿਰ ਬਰਮਾ ‘ਤੇ ਕਬਜ਼ਾ ਕਰ ਲਿਆ ਤੇ ਅੱਗੇ ਉਹ ਭਾਰਤ ਦੀ ਸਰਦਲ ‘ਤੇ ਖੜੇ ਸਨ। ਜਪਾਨੀ ਹਮਲੇ ਦੀ ਜਵਾਬੀ ਤਿਆਰੀ ਵਿੱਚ ”ਡਿਨਾਇਲ ਪਾਲਿਸੀ” ਦਾ ਸਹਾਰਾ ਲਿਆ ਜਿਸਦਾ ਅਰਥ ਸੀ ਹਮਲਾਵਰਾਂ ਨੂੰ ਹਰ ਉਪਯੋਗੀ ਚੀਜ਼ ‘ਤੇ ਕਬਜ਼ੇ ਤੋਂ ਵਾਂਝਿਆਂ ਕਰ ਦੇਣਾ। ਸਮੁੱਚੇ ਤਟੀ ਬੰਗਾਲ ਵਿੱਚ ਹਰ ਤਰ੍ਹਾਂ ਦੇ ਵਾਹਨ (ਟਰੱਕ, ਕਾਰਾਂ, ਕਿਸ਼ਤੀਆਂ, ਗੱਡੇ, ਹਜ਼ਾਰਾਂ ਸਾਇਕਲ ਆਦਿ) ਫ਼ੌਜ ਨੇ ਜ਼ਬਤ ਕਰ ਲਏ। ਝੋਨੇ ਅਤੇ ਚੌਲ਼ਾਂ ਦੇ ਭੰਡਾਰ ਜਾਂ ਤਾਂ ਤਬਾਹ ਕਰ ਦਿੱਤੇ ਗਏ ਜਾਂ ਹਟਾ ਦਿੱਤੇ ਗਏ। ਜਿਸ ਨਾਲ ਨੇੜ ਭਵਿੱਖ ਚ ਲੋਕਾਂ ਦੀ ਕੰਗਾਲੀ ਤੇ ਅਕਾਲ ਦਾ ਖਤਰਾ ਮੰਡਰਾਉਣ ਲੱਗਾ।

1943 ਦੇ ਸ਼ੁਰੂ 'ਚ ਜਦ ਅਕਾਲ ਦਾ ਖ਼ਤਰਾ ਸਿਰ ‘ਤੇ ਸੀ ਤਾਂ ਲੋਕਾਂ ਦੇ ਗੁੱਸੇ ਦੇ ਡਰ ਤੋਂ ਘਬਰਾਕੇ ਵਾਇਸਰਾਇ ਵਾਵੇਲ ਅਤੇ ਭਾਰਤ ਸਕੱਤਰ ਐਮਰੀ ਨੇ ਬਰਤਾਨਵੀ ਪ੍ਰਧਾਨ ਮੰਤਰੀ ਚਰਚਿਲ, ਯੁੱਧ ਮੰਤਰਾਲੇ ਅਤੇ ਜਹਾਜ਼ਰਾਨੀ ਮੰਤਰਾਲੇ ਨੂੰ ਕਈ ਪੱਤਰ ਲਿਖਕੇ ਅਨਾਜ ਸੰਕਟ ਦੇ ਖ਼ਤਰੇ ਬਾਰੇ ਦੱਸਿਆ। ਪਰ ਚਰਚਿਲ ਨੇ ਕੋਈ ਵੀ ਉਪਰਾਲਾ ਕਰਨ ਤੋਂ ਨਾਂਹ ਕਰ ਦਿੱਤੀ ਕਿਉਂਕਿ ਉਹ ਆਜ਼ਾਦੀ ਦੇ ਘੋਲ਼ ਵਿੱਚ ਲੋਕਾਂ ਦੇ ਮਨੋਬਲ ਨੂੰ ਤੋੜ ਦੇਣਾ ਚਾਹੁੰਦਾ ਸੀ ਤੇ ਇਸਦੇ ਲਈ ਲੋਕਾਂ ਨੂੰ ਅਕਾਲ ਦਾ ਸ਼ਿਕਾਰ ਬਣਾਉਣਾ, ਉਹਨਾਂ ਨੂੰ ਭੁੱਖਿਆਂ ਮਾਰਨਾ ਸ਼ਾਮਲ ਸੀ।

ਅਕਾਲ ਨੂੰ ਨੇੜੇ ਦੇਖਦਿਆਂ ਅਨਾਜ ਦੀ ਜਮਾਂਖੋਰੀ ਸ਼ੁਰੂ ਹੋ ਗਈ ਜਿਸ ਨਾਲ ਇਹ ਅਕਾਲ ਜਲਦੀ ਆ ਗਿਆ। ਉਸ ਸਮੇਂ ਆਸਟ੍ਰੇਲੀਆ ਵਿੱਚ ਵੱਡੀ ਮਾਤਰਾ ਵਿੱਚ ਕਣਕ ਦਾ ਭਾਰੀ ਵਾਧੂ ਭੰਡਾਰ ਮੌਜੂਦ ਸੀ ਜਿਸਨੂੰ ਜੇਕਰ ਜਹਾਜ਼ਾਂ ਵਿੱਚ ਲੱਦਕੇ ਬੰਗਾਲ ਪਹੁੰਚਾ ਦਿੱਤਾ ਜਾਂਦਾ ਤਾਂ ਜਮਾਂਖ਼ੋਰੀ ਮੁਨਾਫ਼ੇ ਦਾ ਸੌਦਾ ਨਾ ਰਹਿ ਜਾਂਦੀ ਅਤੇ ਭਾਰੀ ਪੇਂਡੂ ਅਬਾਦੀ ਨੂੰ ਦੋ ਡੰਗ ਦੀ ਰੋਟੀ ਨਸੀਬ ਹੋ ਜਾਂਦੀ, ਪਰ ਚਰਚਿਲ ਨੇ ਇੰਝ ਨਹੀਂ ਕੀਤਾ। ਇਹੀ ਨਹੀਂ, ਅਨਾਜ ਦੀ ਮਦਦ ਭੇਜਣ ਦਾ ਅਮਰੀਕਾ ਅਤੇ ਕਨੇਡਾ ਦਾ ਪ੍ਰਸਤਾਵ ਵੀ ਉਸਨੇ ਠੁਕਰਾ ਦਿੱਤਾ।

ਚਰਚਲ ਦੀ ਇਹਨਾਂ ਨੀਤਿਆਂ ਨੇ ਬੰਗਾਲ ਦੇ ਅਕਾਲ ਨੂੰ ਜਨਮ ਦਿੱਤਾ। ਪਿੰਡਾਂ ਦੇ ਪਿੰਡ ਵੀਰਾਨ ਹੋ ਗਏ। ਕਲਕੱਤਾ ਦੀਆਂ ਸੜਕਾਂ ਲਾਸ਼ਾਂ ਨਾਲ਼ ਭਰਨ ਲੱਗੀਆਂ। ਸੂਪ ਅਤੇ ਦਲੀਏ ਲਈ ਜਗ੍ਹਾ-ਜਗ੍ਹਾ ਸੈਂਕੜੇ ਚਲਦੇ-ਫਿਰਦੇ ਪਿੰਜਰ ਕਤਾਰ ਬਣਾਕੇ ਖੜੇ ਰਹਿੰਦੇ ਸਨ ਅਤੇ ਕਈ ਉੱਥੇ ਹੀ ਮਰ ਜਾਂਦੇ ਸਨ। ਲੱਖਾਂ ਬੇਸਹਾਰਾ ਬੱਚੇ ਸੜਕਾਂ ‘ਤੇ ਭਟਕ ਰਹੇ ਸਨ। ਭੁੱਖੀਆਂ ਮਾਂਵਾਂ ਨੇ ਆਪਣੇ ਬੱਚਿਆਂ ਨੂੰ ਜਿਉਂਦੇ ਰੱਖਣ ਲਈ ਸਰੀਰ ਵੇਚਣਾ ਸ਼ੁਰੂ ਕਰ ਦਿੱਤਾ। ਵੇਸਵਾਘਰਾਂ ਵਿੱਚ ਭੀੜ ਲੱਗ ਗਈ। ਸੜਕਾਂ ‘ਤੇ ਸੜਦੀਆਂ ਲਾਸ਼ਾਂ, ਅੱਧਮਰੇ ਲੋਕਾਂ ਅਤੇ ਦਾਅਵਤਾਂ ਉਡਾਉਂਦੇ ਕੁੱਤਿਆਂ ਨੂੰ ਦੇਖ-ਦੇਖ ਉਹਨਾਂ ਨੂੰ ਵੀ ਪ੍ਰੇਸ਼ਾਨੀ ਹੋਣ ਲੱਗੀ। ਦੂਜੇ ਪਾਸੇ ਉਸ ਸਮੇਂ ਕਲਕੱਤਾ ਦੇ ਉੱਚੇ ਦਰਜੇ ਦੇ ਹੋਟਲਾਂ ਵਿੱਚ ਪੰਜ ਕੋਰਸ ਵਾਲ਼ੇ ਵੱਡੇ ਲੰਚ-ਡਿਨਰ ਵੀ ਪਰੋਸੇ ਜਾ ਰਹੇ ਸਨ।

ਇਹ ਸਭ ਅੱਜ ਵੀ ਜਾਰੀ ਹੈ। ਮੌਜੂਦਾ ਸਰਮਾਏਦਾਰਾ ਢਾਂਚਾ ਅਜਿਹਾ ਹੈ ਜਿੱਥੇ ਅੱਜ ਵੀ ਗੁਦਾਮਾਂ 'ਚ ਸੜਦੇ ਅਨਾਜ ਦੀ ਬਹੁਤਾਤ ਹੋਣ ਦੇ ਬਾਵਜੂਦ ਲੋਕ ਭੁੱਖਮਰੀ ਤੇ ਕੁਪੋਸ਼ਣ ਦਾ ਸ਼ਿਕਾਰ ਹਨ। ਭਾਰਤ ਵਿੱਚ ਅੱਧਿਓਂ ਵੱਧ ਬੱਚੇ ਤੇ ਔਰਤਾਂ ਕੁਪੋਸ਼ਣ ਦਾ ਸ਼ਿਕਾਰ ਹਨ। ਭਾਰਤ 'ਚ ਰੋਜ਼ਾਨਾ 3000 ਬੱਚੇ ਭੁੱਖ, ਕੁਪੋਸ਼ਣ ਆਦਿ ਕਾਰਨ ਮਾਰੇ ਜਾ ਰਹੇ ਹਨ।

#ਲਲਕਾਰ

https://m.facebook.com/story.php?story_fbid=2202650993096958&id=644607072234699 

Comments